ਅੰਕੜਿਆਂ ‘ਚ ਖੁਲਾਸਾ: ਮਿਸਕੈਰੇਜ ਤੋਂ ਬਾਅਦ ਡੂੰਗੇ ਸਦਮੇ ‘ਚ ਆਸਟ੍ਰੇਲੀਆਈ ਮਾਪੇ
ਨਵੇਂ ਮਾਪਿਆਂ ਦੀ ਭਾਵਨਾਤਮਕ ਤੰਦਰੁਸਤੀ ਦਾ ਸਮਰਥਨ ਕਰਨ ਲਈ ਸਥਾਪਿਤ ਕੀਤੀ ਗਈ ਆਸਟ੍ਰੇਲੀਅਨ ਸੰਸਥਾ ਗਿਜੇਟ ਫਾਊਂਡੇਸ਼ਨ ਦਾ ਨਵਾਂ ਡੇਟਾ ਦਿਖਾਉਂਦਾ ਹੈ ਕਿ ਚਾਹਵਾਨ ਮਾਪਿਆਂ ਦੀ ਵੱਧ ਰਹੀ ਗਿਣਤੀ ਨੂੰ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਗਰਭਪਾਤ ਜਾਂ ਸਟਿੱਲਬਰਥ ਕਾਰਨ ਇੱਕ ਨਵਜੰਮੇ ਬੱਚੇ ਦੀ ਵਿਦਾਈ ਮਾਪਿਆਂ ਲਈ ਬਹੁਤ ਜ਼ਿਆਦਾ ਸੋਗਮਈ ਹੋ ਸਕਦੀ ਹੈ। ਰਿਪੋਰਟ ਅਨੁਸਾਰ ਇਸ ਵਿਸ਼ੇ ਬਾਰੇ ਖੁੱਲ ਕੇ ਗੱਲ ਕਰਨ ਦੀ ਲੋੜ ਹੈ ਤਾਂ ਜੋ ਮਾਪਿਆਂ ਨੂੰ ਇਸ ਦੁੱਖ ਤੋਂ ਉਭਰਨ ਅਤੇ ਸੰਭਲਣ ਦਾ ਮੌਕਾ ਮਿਲ ਸਕੇ।
ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਗਰਭਪਾਤ ਦੁਆਰਾ ਨਕਾਰਾਤਮਕ ਪ੍ਰਭਾਵ ਮਹਿਸੂਸ ਕਰਨ ਵਾਲੇ ਆਸਟ੍ਰੇਲੀਆਈ ਮਾਪਿਆਂ ਵਿੱਚ ਚੋਖਾ ਵਾਧਾ ਹੋਇਆ ਹੈ ਅਤੇ ਮਾਪੇ ਦੂਜਿਆਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਇਕੱਲੇਪਣ ਅਤੇ ਮਨੋਵਿਗਿਆਨਕ ਪ੍ਰੇਸ਼ਾਨੀ ਦੇ ਹੋਰ ਰੂਪਾਂ ਤੋਂ ਪੀੜਤ ਹੁੰਦੇ ਹਨ।
ਗਿਜੇਟ ਫਾਊਂਡੇਸ਼ਨ ਲਈ ਕਲੀਨਿਕਲ ਮਨੋਵਿਗਿਆਨੀ ਕੇਟੀ ਪੀਟਰਸਨ ਦਾ ਕਹਿਣਾ ਹੈ ਕਿ ਇਹ ਸੱਮਸਿਆ ਕਾਫੀ ਗੰਭੀਰ ਹੈ।ਗਰਭਪਾਤ ਜਾਂ ਸਟਿੱਲਬਰਥ ਦੁਆਰਾ ਇੱਕ ਨਵਜੰਮੇ ਬੱਚੇ ਦੀ ਵਿਦਾਈ ਕਈ ਮਾਪਿਆਂ ਲਈ ਬਹੁਤ ਜ਼ਿਆਦਾ ਸੋਗਮਈ ਹੋ ਸਕਦੀ ਹੈ।
ਡਾਕਟਰੀ ਸ਼ਬਦਾਂ ਵਿੱਚ, ਸਟਿੱਲਬਰਥ ਨੂੰ ਗਰਭ ਅਵਸਥਾ ਦੇ 20 ਹਫਤਿਆਂ ਤੋਂ ਲੈ ਕਿ ਜਨਮ ਦੀ ਨੀਯਤ ਮਿਤੀ ਤੱਕ ਕਿਸੇ ਵੀ ਸਮੇਂ, ਜਨਮ ਦੇ ਸੰਕੇਤਾਂ ਤੋਂ ਬਿਨਾਂ ਬੱਚੇ ਦੇ ਜਨਮ ਹੋਣ ਨੂੰ ਕਿਹਾ ਜਾਂਦਾ ਹੈ।
ਇਸ ਤੋਂ ਬਾਅਦ ਆਮ ਤੌਰ ‘ਤੇ ਔਰਤ ਦੇ ਸਰੀਰ ਨੂੰ ਮੁੜ ਆਪਣੇ ਪੈਰਾਂ ‘ਤੇ ਆਉਣ ਲਈ ਮਹੀਨੇ ਭਰ ਦਾ ਸਮਾਂ ਲੱਗਦਾ ਹੈ। ਵਿਕਟੋਰੀਆ ਵਿੱਚ ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਹੈਲਥ ਅਦਾਰੇ ਨਾਲ ਬਤੌਰ ਹੈਲਥ ਐਜੂਕੇਟਰ ਕੰਮ ਕਰਨ ਵਾਲੀ ਗਗਨ ਕੌਰ ਚੀਮਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸਟਿੱਲਬਰਥ ਦਾ ਮਤਲਬ ਹੈ ਕਿ ਜਦੋਂ ਬੱਚੇ ਦਾ ਜਨਮ ਹੋਇਆ ਉਸ ਸਮੇਂ ਉਸ ‘ਚ ਜਾਨ-ਪ੍ਰਾਣ ਮੌਜੂਦ ਨਹੀਂ ਸਨ ਅਤੇ ਮੈਡੀਕਲ ਸਾਇੰਸ ਦੀ ਭਾਸ਼ਾ ‘ਚ ਇਸ ਨੂੰ ‘ਪ੍ਰੇਗਨੈਂਸੀ ਲੌਸ’ ਵੀ ਕਿਹਾ ਜਾਂਦਾ ਹੈ।