Welcome to Perth Samachar
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਬਾਅਦ ਹੁਣ ਆਸਟ੍ਰੇਲੀਆ ਤੇ ਅਮਰੀਕਾ ਨੇ ਭਾਈਚਾਰੇ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਲੈ ਕੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਵਿਚ ਹਦਾਇਤਾਂ ਜਾਰੀ ਕੀਤੀਆਂ ਹਨ। ਆਸਟ੍ਰੇਲੀਅਨ ਫ਼ੈਡਰਲ ਪੁਲਿਸ ਅਤੇ ਯੂ.ਐੱਸ. ਡਿਪਾਰਟਮੈਂਟ ਆਫ਼ ਜਸਟਿਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਆਪਣੇ ਦੇਸ਼ ਵਿਚ ਰਹਿ ਰਹੇ ਨਾਗਰਿਕਾਂ ਲਈ ਪੰਜਾਬੀ ਵਿਚ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਨੇ ਵੀ ਪੰਜਾਬੀ ਵਿਚ ਪੱਤਰ ਜਾਰੀ ਕਰ ਆਪਣੇ ਨਾਗਰਿਕਾਂ ਨੂੰ ਦੱਸਿਆ ਹੈ ਕਿ ਵਿਦੇਸ਼ੀ ਸਰਕਾਰਾਂ ਤੋਂ ਖ਼ਤਰੇ ਤੇ ਡਰ ਦੀ ਰਿਪੋਰਟ ਕਿਵੇਂ ਕਰਨੀ ਹੈ। AFP ਨੇ ਕਿਹਾ ਹੈ ਕਿ ਵਿਦੇਸ਼ੀ ਦਖ਼ਲ ਆਸਟ੍ਰੇਲੀਆ ਦੇ ਲੋਕਾਂ, ਸੁਤੰਤਰਤਾ ਤੇ ਸੁਰੱਖਿਆ ਅਤੇ ਰਾਸ਼ਟਰੀ ਸੰਸਥਾਵਾਂ ਦੀ ਅਖੰਡਤਾ ਲਈ ਗੰਭੀਰ ਖ਼ਤਰੇ ਨੂੰ ਦਰਸਾਉਂਦੀ ਹੈ। ਵਿਦੇਸ਼ੀ ਦਖ਼ਲ ਦੇ ਖ਼ਤਰੇ ਆਸਟ੍ਰੇਲੀਆਈ ਭਾਈਚਾਰੇ ਦੇ ਕਿਸੇ ਇਕ ਖੇਤਰ ਤਕ ਸੀਮਤ ਨਹੀਂ ਹਨ ਤੇ ਨਾ ਹੀ ਕਿਸੇ ਇਕ ਰਾਸ਼ਟਰ-ਰਾਜ ਦੁਆਰਾ ਕੀਤਾ ਜਾਂਦਾ ਹੈ। ਇਸ ਪੱਤਰ ਵਿਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਈਚਾਰੇ ਵਿਚ ਵਿਦੇਸ਼ੀ ਦਖ਼ਲ ਦੀਆਂ ਘਟਨਵਾਆਂ ਦੀ ਰਿਪੋਰਟ ਨੈਸ਼ਨਲ ਸਿਕਿਓਰਿਟੀ ਹੌਟਲਾਈਨ ਨੂੰ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਯੂ.ਐੱਸ. ਡਿਪਾਰਟਮੈਂਟ ਆਫ਼ ਜਸਟਿਸ FBI ਨੇ ਆਪਣੇ ਦੇਸ਼ ਵਿਚ ਰਹਿੰਦੇ ਲੋਕਾਂ ਲਈ ਪੰਜਾਬੀ ਵਿਚ ਧਮਕੀ ਅਤੇ ਡਰਾਉਣ ‘ਤੇ ਪ੍ਰਤੀਕਿਰਿਆ ਗਾਈਡ ਜਾਰੀ ਕੀਤੀ ਹੈ।
ਇਸ ਵਿਚ ਦੱਸਿਆ ਗਿਆ ਹੈ ਕਿ ਜੇਕਰ ਤੁਹਾਨੂੰ ਧਮਕੀਆਂ ਜਾ ਡਰਾਵੇ ਮਿਲਦੇ ਹਨ ਤਾਂ ਤੁਸੀਂ ਇਸ ‘ਤੇ ਕਿਵੇਂ ਸ਼ਿਕਾਇਤ ਕਰਨੀ ਹੈ। ਇਸ ਵਿਚ ਵਿਅਕਤੀਗਤ ਧਮਕੀ, ਫ਼ੋਨ ‘ਤੇ ਧਮਕੀ, ਇਲੈਕਟ੍ਰਾਨਿਕ ਮੈਸੇਜ ਰਾਹੀਂ ਧਮਕੀ ਦੇ ਨਾਲ-ਨਾਲ ਸਾਈਬਰ ਹਮਲੇ ਤਕ ਨੂੰ ਲੈ ਕੇ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਖ਼ਤਰਾ ਮਹਿਸੂਸ ਕਰਨ ‘ਤੇ ਸਿੱਧਾ FBI ਨਾਲ ਸੰਪਰਕ ਕਰਨ।