Welcome to Perth Samachar

ਇਜ਼ਰਾਈਲੀ ਫੌਜ ਨੇ ਹਮਾਸ ਦੀ ‘ਸੰਸਦ’ ‘ਤੇ ਕੀਤਾ ਕਬਜ਼ਾ

ਹਮਾਸ ਨਾਲ ਚੱਲ ਰਹੀ ਜੰਗ ਦਰਮਿਆਨ ਇਜ਼ਰਾਇਲੀ ਫੌਜ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਜ਼ਰਾਇਲੀ ਡਿਫੈਂਸ ਫੋਰਸ ਦੇ ਜਵਾਨਾਂ ਨੇ ਗਾਜ਼ਾ ‘ਚ ਹਮਾਸ ਦੀ ਸੰਸਦ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਨੇ ਆਪਣੇ ਤਾਜ਼ਾ ਦਾਅਵੇ ‘ਚ ਕਿਹਾ ਹੈ ਕਿ ਹਮਾਸ ਨੇ ਗਾਜ਼ਾ ਪੱਟੀ ‘ਤੇ ਕੰਟਰੋਲ ਗੁਆ ਦਿੱਤਾ ਹੈ। ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ ‘ਚ ਹਮਾਸ ਦੀ ਸੰਸਦ ‘ਚ ਇਜ਼ਰਾਇਲੀ ਫੌਜੀ ਆਪਣਾ ਝੰਡਾ ਲਹਿਰਾਉਂਦੇ ਨਜ਼ਰ ਆ ਰਹੇ ਹਨ।

ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਸੋਮਵਾਰ ਨੂੰ ਇਜ਼ਰਾਈਲ ਦੇ ਰਾਸ਼ਟਰੀ ਟੀਵੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਾਜ਼ਾ ਪੱਟੀ ਪੂਰੀ ਤਰ੍ਹਾਂ ਸਾਡੇ ਕੰਟਰੋਲ ‘ਚ ਹੈ। ਹੁਣ ਹਮਾਸ ਦੇ ਲੜਾਕੇ ਦੱਖਣ ਵੱਲ ਭੱਜ ਰਹੇ ਹਨ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਹਾਲਾਂਕਿ ਇਹ ਸੰਘਰਸ਼ ਖ਼ਤਮ ਨਹੀਂ ਹੋ ਰਿਹਾ ਹੈ। ਜੰਗ ਕਾਰਨ ਗਾਜ਼ਾ ਵਿੱਚ ਹੁਣ ਤੱਕ 23 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ।

ਇਜ਼ਰਾਇਲੀ ਫੌਜ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਫੌਜ ਦੇ ਜਵਾਨ ਹਮਾਸ ਦੀ ਸੰਸਦ ‘ਚ ਸਪੀਕਰ ਦੀ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ। ਇਜ਼ਰਾਇਲੀ ਝੰਡਾ ਵੀ ਲਹਿਰਾਇਆ ਗਿਆ। ਦਿ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ, ਫਲਸਤੀਨੀ ਵਿਧਾਨ ਪ੍ਰੀਸ਼ਦ ਦੀ ਇਮਾਰਤ 2007 ਤੋਂ ਹਮਾਸ ਦੇ ਕੰਟਰੋਲ ਹੇਠ ਸੀ, ਜਿਸ ਨੂੰ ਹੁਣ ਇਜ਼ਰਾਈਲੀ ਬਲਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਪੱਸ਼ਟ ਕਰ ਚੁੱਕੇ ਹਨ ਕਿ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਬਾਅਦ ਹੀ ਇਹ ਜੰਗ ਰੁਕਣ ਵਾਲੀ ਹੈ, ਅਜਿਹੇ ‘ਚ ਇਜ਼ਰਾਇਲੀ ਫੌਜ ਤੇਜ਼ੀ ਨਾਲ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਕਰ ਰਹੀ ਹੈ।

7 ਅਕਤੂਬਰ ਨੂੰ ਹਮਾਸ ਨੇ ਇਜ਼ਰਾਇਲ ‘ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਇਸ ਹਮਲੇ ‘ਚ ਕੁੱਲ 1400 ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਹਮਾਸ ਨੇ ਸੈਂਕੜੇ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਫਲਸਤੀਨੀ ਅਧਿਕਾਰੀਆਂ ਮੁਤਾਬਕ ਇਜ਼ਰਾਇਲੀ ਕਾਰਵਾਈ ‘ਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ 11,240 ਹੋ ਗਈ ਹੈ। ਸੋਮਵਾਰ ਨੂੰ ਗਾਜ਼ਾ ਸਿਟੀ ਦੇ ਅਲ ਸ਼ਿਫਾ ਮੈਡੀਕਲ ਕੰਪਲੈਕਸ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ, ਸਰਕਾਰੀ ਮੀਡੀਆ ਦਫਤਰ ਦੇ ਡਾਇਰੈਕਟਰ ਜਨਰਲ ਇਸਮਾਈਲ ਥਵਾਬਤਾ ਨੇ ਕਿਹਾ ਕਿ ਕੁੱਲ ਮੌਤਾਂ ਵਿੱਚ 4,630 ਬੱਚੇ ਅਤੇ 3,130 ਔਰਤਾਂ ਸ਼ਾਮਲ ਹਨ।

Share this news