Welcome to Perth Samachar
ਪਰਲ ਕਪੂਰ ਨਾਮਕ ਨੌਜਵਾਨ ਨੇ ਲੰਡਨ ਸਥਿਤ ਇੱਕ ਸਟਾਰਟਅੱਪ ਨੂੰ ਸਿਰਫ਼ ਤਿੰਨ ਮਹੀਨਿਆਂ ਵਿੱਚ 1.2 ਬਿਲੀਅਨ ਡਾਲਰ ਦੀ ਕੰਪਨੀ ਬਣਾ ਦਿੱਤਾ ਹੈ। ਪਰਲ ਕਪੂਰ ਨੇ ਸਾਈਬਰ ਸਕਿਉਰਟੀ ਕੰਪਨੀ Zyber 365 ਦੀ ਸਥਾਪਨਾ ਮਈ 2023 ਵਿੱਚ ਕੀਤੀ ਸੀ। ਹਾਲ ਹੀ ਵਿੱਚ, ਇਸ ਕੰਪਨੀ ਨੇ ਯੂਕੇ ਅਧਾਰਤ ਕੰਪਨੀ SRAM ਤੇ MRAM ਸਮੂਹ ਤੋਂ ਕੁੱਲ $100 ਮਿਲੀਅਨ ਦੀ ਫੰਡਿੰਗ ਹਾਸਲ ਕੀਤੀ ਹੈ।
ਇਸ ਫੰਡਿੰਗ ਬਾਰੇ ਗੱਲ ਕਰਦੇ ਹੋਏ ਕੰਪਨੀ ਦੇ ਸਹਿ-ਸੰਸਥਾਪਕ ਸੰਨੀ ਵਾਘੇਲਾ ਨੇ ਕਿਹਾ ਕਿ ਇਸ ਪੈਸੇ ਨਾਲ ਕੰਪਨੀ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ‘ਤੇ ਕੰਮ ਕਰੇਗੀ। ਇਨ੍ਹਾਂ ਉਤਪਾਦਾਂ ਨੂੰ AI ਆਧਾਰਿਤ ਬਣਾਇਆ ਜਾਵੇਗਾ, ਜੋ ਆਉਣ ਵਾਲੇ ਸਮੇਂ ‘ਚ AI ਦੇ ਨਾਲ-ਨਾਲ ਸਾਈਬਰ ਸੁਰੱਖਿਆ ਨੂੰ ਬਿਹਤਰ ਬਣਾਉਣ ‘ਚ ਮਦਦ ਕਰੇਗਾ।
Zyber 365 ਇੱਕ ਸਾਈਬਰ ਅਧਾਰਤ ਕੰਪਨੀ ਹੈ ਜੋ ਦੂਜੀਆਂ ਕੰਪਨੀਆਂ ਦੀ ਜਾਣਕਾਰੀ ਨੂੰ ਸਾਈਬਰ ਹੈਕਿੰਗ ਤੋਂ ਬਚਾਉਣ ਦੇ ਖੇਤਰ ਵਿੱਚ ਕੰਮ ਕਰਦੀ ਹੈ। ਇਹ ਕੰਪਨੀ ਪਰਲ ਕਪੂਰ ਦੁਆਰਾ ਐਥੀਕਲ ਹੈਕਰ ਸੰਨੀ ਵਾਘੇਲਾ ਦੇ ਸਹਿਯੋਗ ਨਾਲ ਮਈ 2023 ਵਿੱਚ ਸ਼ੁਰੂ ਕੀਤੀ ਗਈ ਸੀ। ਵਰਤਮਾਨ ਵਿੱਚ, ਸੰਨੀ ਇਸ ਕੰਪਨੀ ਵਿੱਚ ਸੀਪੀਓ ਵਜੋਂ ਕੰਮ ਕਰ ਰਹੇ ਹਨ ਤੇ ਫਰਮ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਸੰਭਾਲਦੇ ਹਨ।
Zyber 365 ਰਾਹੀਂ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ਵਾਲੇ ਪਰਲ ਕਪੂਰ ਨੇ ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਤੋਂ ਐਮਐਸਸੀ ਇਨਵੈਸਟਮੈਂਟ ਬੈਂਕਿੰਗ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ AMPM ਸਟੋਰ ਕੰਪਨੀ ਲਈ ਵਿੱਤੀ ਸਲਾਹਕਾਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹ ਐਂਟੀਅਰ ਸੋਲਿਊਸ਼ਨਜ਼ ਦੇ ਵਪਾਰਕ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਫਰਵਰੀ 2022 ਵਿੱਚ ਬਿਲੀਅਨ ਪੇ ਟੈਕਨਾਲੋਜੀ ਨਾਮ ਦੀ ਕੰਪਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਮਈ 2023 ‘ਚ ਸਾਈਬਰ ਸੁਰੱਖਿਆ ਸਬੰਧੀ ਕੰਮ ਕਰਨ ਵਾਲੀ ਕੰਪਨੀ Zyber 365 ਦੀ ਸ਼ੁਰੂਆਤ ਕੀਤੀ ਗਈ।
ਪਰਲ ਕਪੂਰ ਦੀ Zyber 365 ਕੰਪਨੀ ਦਾ ਮੁੱਖ ਦਫਤਰ ਲੰਡਨ ਵਿੱਚ ਹੈ ਤੇ ਭਾਰਤ ਤੋਂ ਸੰਚਾਲਿਤ ਹੈ। ਆਪਣੀ ਯੋਜਨਾ ਬਾਰੇ ਦੱਸਦਿਆਂ ਪਰਲ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਆਪਣੀ ਕੰਪਨੀ ਦਾ ਆਪਰੇਸ਼ਨ ਹੱਬ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਸਾਈਬਰ ਆਪਰੇਸ਼ਨ ਦੇ ਇੱਕ ਵੱਡੇ ਕੇਂਦਰ ਵਜੋਂ ਉਭਰ ਸਕਦਾ ਹੈ।