Welcome to Perth Samachar
ਪਾਕਿਸਤਾਨ ਇੱਕ ਪਾਸੇ ਆਰਥਿਕ ਹਾਲਤ ਕਾਰਨ ਕਰਜ਼ੇ ਵਿੱਚ ਡੁੱਬ ਰਿਹਾ ਹੈ, ਦੂਜੇ ਪਾਸੇ ਮਹਿੰਗਾਈ ਦੀ ਮਾਰ ਵੀ ਝੇਲ ਰਿਹਾ ਹੈ। ਪਾਕਿਸਤਾਨ ਦੇ ਕਰਾਚੀ ‘ਚ ਆਟੇ ਦੀਆਂ ਕੀਮਤਾਂ 3200 ਰੁਪਏ ਪ੍ਰਤੀ 20 ਕਿਲੋ ਦੇ ਨਵੇਂ ਸਿਖਰ ‘ਤੇ ਪਹੁੰਚ ਗਈਆਂ ਹਨ। ਯਾਨੀ ਕਰਾਚੀ ਵਿੱਚ 1 ਕਿਲੋ ਆਟੇ ਦੀ ਕੀਮਤ 320 ਰੁਪਏ ਹੋ ਗਈ ਹੈ।
ਏਆਰਵਾਈ ਨਿਊਜ਼ ਨੇ ਦੱਸਿਆ ਕਿ ਕਰਾਚੀ ਦੇ ਲੋਕ ਸ਼ਾਇਦ ਦੁਨੀਆ ਦਾ ‘ਸਭ ਤੋਂ ਮਹਿੰਗਾ’ ਆਟਾ ਖਰੀਦ ਰਹੇ ਹਨ। ਏਆਰਵਾਈ ਨਿਊਜ਼ ਨੇ ਪਾਕਿਸਤਾਨ ਬਿਊਰੋ ਆਫ਼ ਸਟੈਟਿਸਟਿਕਸ ਦੇ ਹਵਾਲੇ ਨਾਲ ਕਿਹਾ ਕਿ ਕਰਾਚੀ ਵਿੱਚ ਆਟੇ ਦੀ ਕੀਮਤ ਇਸਲਾਮਾਬਾਦ ਅਤੇ ਪੰਜਾਬ ਨਾਲੋਂ ਵੱਧ ਹੈ।
ਕਰਾਚੀ ਵਿੱਚ ਆਟੇ ਦੇ 20 ਕਿਲੋ ਦੇ ਥੈਲੇ ਦੀ ਕੀਮਤ ਵਿੱਚ 200 ਰੁਪਏ ਦਾ ਵਾਧਾ ਦੇਖਿਆ ਗਿਆ ਹੈ। ਜਿਸ ਕਾਰਨ ਕੀਮਤਾਂ ਵਧ ਕੇ 3200 ਰੁਪਏ ਹੋ ਗਈਆਂ ਹਨ। ਇਸ ਦੌਰਾਨ, ਹੈਦਰਾਬਾਦ ਵਿੱਚ 140 ਰੁਪਏ ਦੇ ਵਾਧੇ ਤੋਂ ਬਾਅਦ 20 ਕਿਲੋ ਦਾ ਬੈਗ 3,040 ਰੁਪਏ ਵਿੱਚ ਉਪਲਬਧ ਹੈ।
ਇਸਲਾਮਾਬਾਦ, ਰਾਵਲਪਿੰਡੀ, ਸਿਆਲਕੋਟ ਵਿੱਚ 20 ਕਿਲੋ ਦੇ ਥੈਲੇ ਦੀਆਂ ਕੀਮਤਾਂ ਵਿੱਚ 106 ਰੁਪਏ, 133 ਰੁਪਏ, 200 ਰੁਪਏ ਅਤੇ 300 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬਹਾਵਲਪੁਰ, ਮੁਲਤਾਨ, ਸੁੱਕਰ ਅਤੇ ਕਵੇਟਾ ਵਿੱਚ 20 ਕਿਲੋ ਆਟੇ ਦੇ ਥੈਲੇ ਦੀ ਕੀਮਤ ਵਿੱਚ 146 ਰੁਪਏ, 93 ਰੁਪਏ, 120 ਰੁਪਏ ਅਤੇ 110 ਰੁਪਏ ਦਾ ਵਾਧਾ ਹੋਇਆ ਹੈ।
ਪਾਕਿ ਖ਼ਬਰਾਂ ਮੁਤਾਬਿਕ ਦੇਸ਼ ਦੇ ਵੱਖ-ਵੱਖ ਹਿੱਸਿਆਂ – ਜਿਵੇਂ ਕਿ ਕਰਾਚੀ, ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਪ੍ਰਚੂਨ ਪੱਧਰ ‘ਤੇ ਖੰਡ ਦੀਆਂ ਕੀਮਤਾਂ 150 ਰੁਪਏ ਤੱਕ ਵਧ ਗਈਆਂ ਹਨ। ਇਸ ਦੌਰਾਨ ਲਾਹੌਰ ਅਤੇ ਕਵੇਟਾ ਵਿੱਚ ਚੀਨੀ 145 ਰੁਪਏ ਪ੍ਰਤੀ ਕਿਲੋ ਅਤੇ 142 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਮਿਲ ਰਹੀ ਹੈ।