Welcome to Perth Samachar
Cheng Lei, a high-profile Australian television anchor for the Chinese Government’s English news channel, CGTN, has been detained in Beijing. Source: Facebook – https://www.facebook.com/lei.cheng.7
ਚੀਨ ‘ਚ ਜਾਸੂਸੀ ਦੇ ਦੋਸ਼ ਹੇਠ ਜੇਲ੍ਹ ‘ਚ ਬੰਦ ਇਕ 48 ਸਾਲਾ ਚੀਨੀ-ਆਸਟ੍ਰੇਲੀਅਨ ਪੱਤਰਕਾਰ ਨੇ ਇਕ ਚਿੱਠੀ ਵਿਚ ਜੇਲ੍ਹ ਦੀਆਂ ਸਥਿਤੀਆਂ ਦਾ ਵਰਣਨ ਕੀਤਾ ਹੈ। ਉਸਨੇ ਚਿੱਠੀ ‘ਚ ਲਿਖਿਆ ਕਿ ਉਸ ਨੂੰ ਸਾਲ ਵਿਚ ਸਿਰਫ 10 ਘੰਟੇ ਧੁੱਪ ਸੇਕਣ ਦੀ ਇਜਾਜ਼ਤ ਹੈ। ਆਪਣੀ ਗ੍ਰਿਫ਼ਤਾਰੀ ਤੋਂ ਤਿੰਨ ਸਾਲ ਬਾਅਦ ਪੱਤਰਕਾਰ ਚੇਂਗ ਲੇਈ ਨੇ ਆਪਣੇ ਦੇਸ਼ ਆਸਟ੍ਰੇਲੀਆ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।
ਜਾਣਕਾਰੀ ਮੁਤਾਬਿਕ ਉਸ ਨੂੰ ਪਿਛਲੇ ਸਾਲ ਬੰਦ ਕਮਰੇ ਵਿਚ ਹੋਈ ਸੁਣਵਾਈ ਦੌਰਾਨ ਰਾਸ਼ਟਰੀ ਸੁਰੱਖਿਆ ਦਾ ਦੋਸ਼ੀ ਪਾਇਆ ਗਿਆ ਸੀ। ਹਾਲਾਂਕਿ ਅਜੇ ਤੱਕ ਉਸ ਨੂੰ ਸਜ਼ਾ ਨਹੀਂ ਸੁਣਾਈ ਗਈ ਹੈ। ਉਹ ਚੀਨ ਦੇ ਸਰਕਾਰੀ ਪ੍ਰਸਾਰਕ ਲਈ ਕੰਮ ਕਰਦੀ ਸੀ। ਲੇਈ ਨੇ ਚਿੱਠੀ ਵਿਚ ਲਿਖਿਆ ਕਿ ਜਦੋਂ ਤੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਸ ਨੇ ਇਕ ਦਰੱਖਤ ਨਹੀਂ ਦੇਖਿਆ ਹੈ ਅਤੇ ਉਹ ਸੂਰਜ ਦੀ ਰੌਸ਼ਨੀ ਤੋਂ ਵਾਂਝੀ ਹੈ।
ਇਹ ਚਿੱਠੀ ਲੇਈ ਦੇ ਸਹਿਯੋਗੀ ਨਿਕ ਕੋਇਲ ਨੇ ਸਾਂਝੀ ਕੀਤੀ ਹੈ। ਚਿੱਠੀ ਵਿੱਚ ਲੇਈ ਨੇ ਕਿਹਾ ਕਿ “ਮੇਰੇ ਸੈੱਲ ਵਿੱਚ ਇੱਕ ਖਿੜਕੀ ਰਾਹੀਂ ਸੂਰਜ ਦੀ ਰੌਸ਼ਨੀ ਆਉਂਦੀ ਹੈ, ਪਰ ਮੈੈਨੂੰ ਸਾਲ ਵਿੱਚ ਸਿਰਫ 10 ਘੰਟੇ ਹੀ ਧੁੱਪ ਵਿੱਚ ਖੜ੍ਹੇ ਰਹਿਣ ਦੀ ਇਜਾਜ਼ਤ ਹੈ।”
ਉੱਧਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਰਾਸ਼ਟਰ ਲੇਈ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਤੇ ਦੇਸ਼ ਉਨ੍ਹਾਂ ਦੇ ਹਿੱਤਾਂ ਅਤੇ ਭਲਾਈ ਨਾਲ ਖੜ੍ਹਾ ਹੈ। ਵੋਂਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੇਈ ਦਾ ਸੰਦੇਸ਼ “ਸਾਡੇ ਦੇਸ਼ ਲਈ ਉਸਦੇ ਡੂੰਘੇ ਪਿਆਰ” ਨੂੰ ਦਰਸਾਉਂਦਾ ਹੈ ਅਤੇ ਸਾਰੇ ਆਸਟ੍ਰੇਲੀਆਈ ਚਾਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਮਿਲੇ।
ਉਨ੍ਹਾਂ ਨੇ ਲੇਈ ਲਈ ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ ਨਿਆਂ, ਪ੍ਰਕਿਰਿਆਤਮਕ ਨਿਰਪੱਖਤਾ ਅਤੇ ਮਨੁੱਖੀ ਵਿਵਹਾਰ ਦੇ ਬੁਨਿਆਦੀ ਮਾਪਦੰਡਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇੱਥੇ ਦੱਸ ਦਈਏ ਕਿ ਲੇਈ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਚਲੀ ਗਈ ਜਦੋਂ ਉਹ 10 ਸਾਲ ਦੀ ਸੀ ਅਤੇ ਸਟੇਟ ਬ੍ਰੌਡਕਾਸਟਰ ਸੀਸੀਟੀਵੀ ਦੇ ਅੰਤਰਰਾਸ਼ਟਰੀ ਵਿਭਾਗ ਨਾਲ ਕੰਮ ਕਰਨ ਲਈ ਚੀਨ ਵਾਪਸ ਆਈ ਸੀ।