Welcome to Perth Samachar
ਚੀਨੀ ਅਪਰਾਧ ਸਿੰਡੀਕੇਟ ਲਈ ਕਰੋੜਾਂ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ 7 ਵਿਅਕਤੀਆਂ ‘ਤੇ ਦੋਸ਼ ਲਗਾਏ ਗਏ ਹਨ। ਆਸਟ੍ਰੇਲੀਆਈ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗ੍ਰਿਫ਼ਤਾਰੀਆਂ 14 ਮਹੀਨਿਆਂ ਦੀ ਜਾਂਚ ਤੋਂ ਬਾਅਦ ਹੋਈਆਂ ਹਨ, ਜਿਸ ਵਿੱਚ ਕਈ ਆਸਟ੍ਰੇਲੀਆਈ ਏਜੰਸੀਆਂ ਅਤੇ ਯੂ.ਐੱਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਸ਼ਾਮਲ ਸਨ।
ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਦੀ ਸਭ ਤੋਂ ਗੁੰਝਲਦਾਰ ਮਨੀ ਲਾਂਡਰਿੰਗ ਜਾਂਚ ਸੀ। ਪੁਲਿਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਇੱਕ ਦਰਜਨ ਆਊਟਲੇਟਸ, ਚਾਂਗਜਿਆਂਗ ਕਰੰਸੀ ਐਕਸਚੇਂਜ ਨਾਲ ਇੱਕ ਮਨੀ ਰਿਮਿਟੈਂਸ ਚੇਨ, ਲੋਂਗ ਰਿਵਰ ਮਨੀ ਲਾਂਡਰਿੰਗ ਸਿੰਡੀਕੇਟ ਦੁਆਰਾ ਗੁਪਤ ਰੂਪ ਵਿੱਚ ਚਲਾਇਆ ਜਾ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਚੇਨ ਨੇ ਨਿਯਮਤ ਗਾਹਕਾਂ ਤੋਂ ਅਰਬਾਂ ਡਾਲਰ ਕਾਨੂੰਨੀ ਤੌਰ ‘ਤੇ ਟਰਾਂਸਫਰ ਕੀਤੇ, ਪਰ ਇਨ੍ਹਾਂ ਲੈਣ-ਦੇਣ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 229 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਗੈਰ ਕਾਨੂੰਨੀ ਟ੍ਰਾਂਸਫਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਿਡਨੀ ਵਿੱਚ ਕੋਵਿਡ-19 ਤਾਲਾਬੰਦੀ ਦੌਰਾਨ ਉਹਨਾਂ ਨੂੰ ਕੰਪਨੀ ‘ਤੇ ਸ਼ੱਕ ਹੋਇਆ।
ਆਸਟ੍ਰੇਲੀਆਈ ਫੈਡਰਲ ਦੇ ਇੱਕ ਸਹਾਇਕ ਕਮਿਸ਼ਨਰ ਸਟੀਫਨ ਡੈਮੇਟੋ ਨੇ ਕਿਹਾ,”ਜਦੋਂ ਕਿ ਸਿਡਨੀ ਦਾ ਜ਼ਿਆਦਾਤਰ ਹਿੱਸਾ ਬੰਦ ਸੀ ਉਦੋਂ ਸਾਡੇ ਮਨੀ ਲਾਂਡਰਿੰਗ ਜਾਂਚਕਰਤਾਵਾਂ ਨੇ ਦੇਖਿਆ ਕਿ ਖੇਤਰ ਵਿਚ ਚਾਂਗਜਿਆਂਗ ਕਰੰਸੀ ਐਕਸਚੇਂਜ ਖੋਲ੍ਹਿਆ ਗਿਆ ਹੈ ਅਤੇ ਨਵੇਂ ਅਤੇ ਮੌਜੂਦਾ ਸ਼ਾਪਫਰੰਟ ਨੂੰ ਅੱਪਡੇਟ ਕੀਤਾ ਗਿਆ ਹੈ, ਤਾਂ ਸਾਨੂੰ ਥੋੜ੍ਹਾ ਸ਼ੱਕ ਹੋਇਆ”।
ਬੁੱਧਵਾਰ ਨੂੰ 300 ਤੋਂ ਵੱਧ ਅਧਿਕਾਰੀਆਂ ਨੇ ਦੇਸ਼ ਭਰ ਵਿੱਚ 20 ਛਾਪੇ ਮਾਰੇ ਅਤੇ ਲੱਖਾਂ ਡਾਲਰ ਦੇ ਲਗਜ਼ਰੀ ਘਰਾਂ ਅਤੇ ਵਾਹਨਾਂ ਨੂੰ ਜ਼ਬਤ ਕੀਤਾ। 4 ਚੀਨੀ ਨਾਗਰਿਕਾਂ ਅਤੇ 3 ਆਸਟ੍ਰੇਲੀਆਈ ਨਾਗਰਿਕਾਂ ਨੇ ਵੀਰਵਾਰ ਨੂੰ ਮੈਲਬੌਰਨ ਦੀ ਇੱਕ ਅਦਾਲਤ ਵਿੱਚ ਆਪਣੀ ਪਹਿਲੀ ਪੇਸ਼ੀ ਕੀਤੀ।
ਪੁਲਿਸ ਨੇ ਕਿਹਾ ਕਿ ਸਿੰਡੀਕੇਟ ਨੇ ਆਪਣੇ ਅਪਰਾਧਿਕ ਗਾਹਕਾਂ ਨੂੰ ਜਾਅਲੀ ਕਾਰੋਬਾਰੀ ਕਾਗਜ਼ਾਤ, ਜਿਵੇਂ ਕਿ ਝੂਠੇ ਚਲਾਨ ਅਤੇ ਬੈਂਕ ਸਟੇਟਮੈਂਟਾਂ ਬਣਾਉਣ ਬਾਰੇ ਸਿਖਲਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲਾਂਡਰ ਕੀਤੀ ਗਈ ਰਾਸ਼ੀ ਵਿੱਚੋਂ ਕੁਝ ਸਾਈਬਰ ਘੁਟਾਲਿਆਂ, ਨਾਜਾਇਜ਼ ਵਸਤੂਆਂ ਦੀ ਤਸਕਰੀ ਅਤੇ ਹਿੰਸਕ ਅਪਰਾਧਾਂ ਤੋਂ ਆਈ ਸੀ।
ਡੈਮੇਟੋ ਨੇ ਕਿਹਾ ਕਿ ਸਿੰਡੀਕੇਟ ਨੇ 200,000 ਆਸਟ੍ਰੇਲੀਅਨ ਡਾਲਰ (126,000 ਡਾਲਰ) ਦੇ ਜਾਅਲੀ ਪਾਸਪੋਰਟ ਵੀ ਖਰੀਦੇ ਸਨ, ਜੇ ਉਨ੍ਹਾਂ ਦੇ ਮੈਂਬਰਾਂ ਨੂੰ ਦੇਸ਼ ਤੋਂ ਭੱਜਣ ਵਿਚ ਮਦਦ ਕਰ ਸਕਦੇ ਸਨ।