Welcome to Perth Samachar

ਪੰਜਾਬੀ ਵਲੰਟੀਅਰ ਰਣਬੀਰ ਸਿੰਘ ਨੂੰ ਬੁਸ਼ਫਾਇਰ ਸੇਵਾਵਾਂ ਲਈ ਮਿਲਿਆ ‘ਨੈਸ਼ਨਲ ਐਮਰਜੈਂਸੀ ਮੈਡਲ’

ਕੰਟਰੀ ਫਾਇਰ ਅਥਾਰਟੀ (CFA) ਨਾਲ ਪਿਛਲੇ ਪੰਜ ਸਾਲ ਤੋਂ ਇੱਕ ਵਲੰਟੀਅਰ ਵਜੋਂ ਕੰਮ ਕਰਦੇ ਮੈਲਬੌਰਨ ਦੇ ਵਸਨੀਕ ਰਣਬੀਰ ਸਿੰਘ ਮਾਨਸ਼ਾਹੀਆ ਨੂੰ ‘ਨੈਸ਼ਨਲ ਐਮਰਜੈਂਸੀ ਮੈਡਲ’ ਨਾਲ ਨਿਵਾਜ਼ਿਆ ਗਿਆ ਹੈ।

ਮੈਲਬੌਰਨ ਦੇ ਰਣਬੀਰ ਸਿੰਘ ਨੂੰ ਗਿਪਸਲੈਂਡ ਬੁਸ਼ਫਾਇਰ ਦੌਰਾਨ ਦਿੱਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਕੰਟਰੀ ਫਾਇਰ ਅਥਾਰਿਟੀ (CFA) ਵਿਕਟੋਰੀਆ ਦੇ ਇੱਕ ਮੈਂਬਰ ਵਜੋਂ ਵਲੰਟੀਅਰ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਭਿਆਨਕ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਵਚਨਬੱਧਤਾ ਦੋਹਰਾਈ ਹੈ।

“ਆਸਟ੍ਰੇਲੀਆ ਨੇ ਸਾਨੂੰ ਇੱਕ ਬੇਹਤਰ ਤੇ ਖੁਸ਼ਹਾਲ ਜ਼ਿੰਦਗੀ ਦਿੱਤੀ ਤੇ ਹੁਣ ਇਹ ਮੇਰਾ ਫਰਜ਼ ਹੈ ਕਿ ਮੈਂ ਇਸ ਮੁਲਕ ਤੇ ਇਥੋਂ ਦੇ ਲੋਕਾਂ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂ,” ਉਨ੍ਹਾਂ ਕਿਹਾ। ਉਨ੍ਹਾਂ ਆਪਣਾ ਇਹ ਸਨਮਾਨ ਆਪਣੀ ਪਤਨੀ ਤੇ ਬੱਚਿਆਂ ਨੂੰ ਸਮਰਪਿਤ ਕੀਤਾ ਹੈ।

“ਮੇਰੀ ਮਨਸ਼ਾ ਇਨਾਮ ਜਿੱਤਣਾ ਜਾਂ ਸਨਮਾਨ ਲੈਣਾ ਨਹੀਂ ਬਲਕਿ ਸੇਵਾ ਭਾਵ ਨਾਲ਼ ਡਟੇ ਰਹਿਣਾ ਹੈ, ਤੇ ਇਹ ਪ੍ਰੇਰਨਾ ਮੈਨੂੰ ਆਪਣੀ ਪਤਨੀ ਤੋਂ ਮਿਲਦੀ ਹੈ ਜੋ ਹਰਦਮ ਮੈਨੂੰ ਸਹਿਯੋਗ ਤੇ ਹੱਲਾਸ਼ੇਰੀ ਦਿੰਦੀ ਰਹਿੰਦੀ ਹੈ,” ਉਨ੍ਹਾਂ ਕਿਹਾ।

ਰਣਬੀਰ, ਜੋ ਭਾਈਚਾਰੇ ਵਿੱਚ ਸੰਨੀ ਮਾਨਸ਼ਾਹੀਆ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਪੰਜਾਬ ਤੋਂ ਸੰਗਰੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਆਸਟ੍ਰੇਲੀਆ ਵਿਚਲਾ ਆਪਣਾ ਪਰਵਾਸ ਦਾ ਸਫ਼ਰ 2013 ਵਿੱਚ ਸ਼ੁਰੂ ਕੀਤਾ ਸੀ।

ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਗ਼ਬਾਨੀ ਤੇ ਪੜ੍ਹਨ-ਲਿਖਣ ਦੀ ਚੇਟਕ ਹੈ। ਉਹ ਇਸ ਵੇਲੇ ਮੋਨਾਸ਼ ਹਸਪਤਾਲ ਦੇ ਓਪਰੇਸ਼ਨ ਥੀਏਟਰ ਵਿੱਚ ਇੱਕ ਹੈਲਥਕੇਅਰ ਵਰਕਰ ਵਜੋਂ ਨੌਕਰੀ ਕਰ ਰਹੇ ਹਨ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਆਸਟ੍ਰੇਲੀਆ ਵਿਚਲੇ ਵਲੰਟੀਅਰ ਕੰਮਾਂ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ।
Share this news