Welcome to Perth Samachar

ਭਾਰਤ-ਕੈਨੇਡਾ ਤਣਾਅ ਵਿਚਾਲੇ ਕੈਨੇਡੀਅਨ ਵਿਦੇਸ਼ ਮੰਤਰੀ ਦਾ ਅਹਿਮ ਬਿਆਨ ਆਇਆ ਸਾਹਮਣੇ

ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਨਵੇਂ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਇਸ ਮਾਮਲੇ ‘ਤੇ ਥੋੜ੍ਹੀ ਨਰਮ ਨਜ਼ਰ ਆਈ। ਉਹ ਮੰਗਲਵਾਰ ਨੂੰ ਓਟਾਵਾ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਕੂਟਨੀਤਕ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਕਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ। ਅਸੀਂ ਕੈਨੇਡੀਅਨ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਨਿੱਜੀ ਗੱਲਬਾਤ ਜਾਰੀ ਰੱਖਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਕੂਟਨੀਤਕ ਗੱਲਬਾਤ ਉਦੋਂ ਸਭ ਤੋਂ ਵਧੀਆ ਕੰਮ ਕਰਦੀ ਹੈ ਜਦੋਂ ਉਹ ਨਿੱਜੀ ਰਹੇ। ਉਨ੍ਹਾਂ ਦਾ ਇਹ ਬਿਆਨ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਦੂਤਘਰ ਨੂੰ ਸੂਚਿਤ ਕਰਨ ਤੋਂ ਬਾਅਦ ਆਇਆ ਹੈ ਕਿ ਸੂਚੀ ਵਿੱਚ ਸ਼ਾਮਲ 41 ਡਿਪਲੋਮੈਟਾਂ ਨੂੰ 10 ਅਕਤੂਬਰ ਤੱਕ ਭਾਰਤ ਛੱਡਣਾ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੂਚੀ ਵਿੱਚ ਸ਼ਾਮਲ ਡਿਪਲੋਮੈਟਾਂ ਦੀ ਡਿਪਲੋਮੈਟਿਕ ਛੋਟ ਖ਼ਤਮ ਹੋ ਜਾਵੇਗੀ।

ਜਦੋਂ ਪੱਤਰਕਾਰਾਂ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੂੰ ਇਹ ਸਵਾਲ ਵਿਸ਼ੇਸ਼ ਤੌਰ ‘ਤੇ ਪੁੱਛਿਆ ਤਾਂ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੀਡੀਆ ‘ਚ ਕੂਟਨੀਤਕ ਮੁੱਦਿਆਂ ‘ਤੇ ਗੱਲ ਕਰਨਾ ਠੀਕ ਨਹੀਂ ਹੈ। ਇਸ ਮਾਮਲੇ ‘ਤੇ ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪਿਅਰੇ ਪੋਇਲੀਵਰੇ ਨੇ ਕਿਹਾ ਕਿ ਜੋ ਵੀ ਹੋ ਰਿਹਾ ਹੈ, ਮੈਂ ਉਸ ਨੂੰ ਲੈ ਕੇ ਬਹੁਤ ਚਿੰਤਤ ਹਾਂ, ਮੈਂ ਇਸ ਮਾਮਲੇ ‘ਤੇ ਨਜ਼ਰ ਬਣਾਏ ਹੋਏ ਹਾਂ।

Share this news