Welcome to Perth Samachar
ਆਸਟ੍ਰੇਲੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਸ਼ਾਮਲ ਇੱਕ ਬਜ਼ੁਰਗ ਡਰਾਈਵਰ ਖ਼ਿਲਾਫ਼ ਅਜੇ ਤੱਕ ਕੋਈ ਦੋਸ਼ ਨਹੀਂ ਲਾਇਆ ਗਿਆ ਹੈ। ਇਸ ਹਾਦਸੇ ਵਿਚ ਭਾਰਤੀ ਮੂਲ ਦੇ ਵਿਵੇਕ ਭਾਟੀਆ (38), ਉਸਦਾ ਬੇਟਾ ਵਿਹਾਨ (11), ਪ੍ਰਤਿਭਾ ਸ਼ਰਮਾ (44), ਉਸਦੀ ਧੀ, ਅਨਵੀ (ਨੌਂ), ਅਤੇ ਸਾਥੀ ਜਤਿਨ ਚੁੱਘ (30) ਦੀ ਮੌਤ ਹੋ ਗਈ, ਜਦੋਂ ਇੱਕ ਐਸਯੂਵੀ ਨੇ ਸੜਕ ‘ਤੇ ਸਾਹਮਣੇ ਵਾਲੇ ਰਾਇਲ ਡੇਲਸਫੋਰਡ ਹੋਟਲ ਦੇ ਲਾਅਨ ਵਿੱਚ ਬੈਠੇ ਗਾਹਕਾਂ ਨੂੰ ਟੱਕਰ ਮਾਰ ਦਿੱਤੀ। ਭਾਟੀਆ ਦੀ ਪਤਨੀ ਰੁਚੀ (36), ਛੋਟਾ ਬੇਟਾ ਅਬੀਰ (ਛੇ) ਅਤੇ ਇੱਕ 11 ਮਹੀਨੇ ਦੇ ਬੱਚੇ ਸਮੇਤ ਪੰਜ ਹੋਰ ਲੋਕ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਟੱਕਰ ਤੋਂ ਬਾਅਦ ਸ਼ੂਗਰ ਦਾ ਮਰੀਜ਼ 66 ਸਾਲਾ ਡਰਾਈਵਰ ਡਾਕਟਰੀ ਦੇਖਭਾਲ ਵਿੱਚ ਹੈ। ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ। ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਕਟੋਰੀਆ ਪੁਲਸ ਦੇ ਮੁੱਖ ਕਮਿਸ਼ਨਰ ਸ਼ੇਨ ਪੈਟਨ ਨੇ ਕਿਹਾ ਕਿ ਪੀੜਤ ਸਾਰੇ ਇਲਾਕੇ ਵਿੱਚ ਸੈਲਾਨੀ ਸਨ ਅਤੇ ਉਨ੍ਹਾਂ ਨੇ ਘਟਨਾ ਨੂੰ “ਤ੍ਰਾਸਦੀ” ਦੱਸਿਆ। ਇਸ ਦੌਰਾ ਵਿੰਡਹੈਮ ਸਿਟੀ ਕੌਂਸਲ ਦੁਆਰਾ ਇੱਕ ਮੋਮਬੱਤੀ ਜਗਾਈ ਗਈ, ਜਿੱਥੇ ਬਹੁਤ ਸਾਰੇ ਭਾਰਤੀਆਂ ਸਮੇਤ ਭਾਈਚਾਰੇ ਦੇ ਮੈਂਬਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਮਰਥਨ ਕਰਨ ਲਈ ਇਕੱਠੇ ਹੋਏ।
ਵਿਕਟੋਰੀਆ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਸਮੇਂ ਡਰਾਈਵਰ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਪੁੱਛਗਿੱਛ ਜਾਰੀ ਰੱਖੀ ਜਾਵੇਗੀ।” ਡਰਾਈਵਰ ਦੇ ਵਕੀਲ ਮਾਰਟਿਨ ਅਮਾਦ ਨੇ ਕਿਹਾ ਕਿ ਉਸਦਾ ਮੁਵੱਕਿਲ ਇੱਕ ਪਰਿਵਾਰਕ ਵਿਅਕਤੀ ਸੀ, ਜਿਸਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ ਅਤੇ ਟੱਕਰ ਤੋਂ ਬਾਅਦ ਉਸ ਦੇ ਖੂਨ ਵਿਚ ਅਲਕੋਹਲ ਦੀ ਰਿਪੋਰਟ ਨੈਗੇਟਿਵ ਆਈ ਸੀ।
ਅਮਾਦ ਨੇ ਇੱਕ ਬਿਆਨ ਵਿੱਚ ਕਿਹਾ, “ਉਹ ਬਹੁਤ ਦੁਖੀ ਹੈ ਅਤੇ ਪੀੜਤਾਂ ਦੇ ਪਰਿਵਾਰਾਂ, ਦੋਸਤਾਂ ਅਤੇ ਡੇਲਸਫੋਰਡ ਭਾਈਚਾਰੇ ਪ੍ਰਤੀ ਬਹੁਤ ਹਮਦਰਦੀ ਮਹਿਸੂਸ ਕਰਦਾ ਹੈ,”। ਅਮਾਦ ਨੇ ਬਿਆਨ ਵਿੱਚ ਅੱਗੇ ਕਿਹਾ, ਉਸ ਦਾ ਮੁਵੱਕਿਲ ਇੱਕ ਇਨਸੁਲਿਨ-ਨਿਰਭਰ ਸ਼ੂਗਰ ਰੋਗੀ ਹੈ, ਜਿਸ ਨੂੰ ਮੌਕੇ ‘ਤੇ ਪੈਰਾਮੈਡਿਕਸ ਤੋਂ ਤੁਰੰਤ ਇਲਾਜ ਦੀ ਲੋੜ ਹੈ।