Welcome to Perth Samachar
ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ 28 ਅਕਤੂਬਰ, 2016 ਦੀ ਸਵੇਰ ਨੂੰ ਵਾਪਰੇ ਦਰਦਨਾਕ ਹਾਦਸੇ ‘ਚ ਮਰਹੂਮ ਮਨਮੀਤ ਅਲੀਸ਼ੇਰ ਬੱਸ ਡਰਾਈਵਰ ਦਾ ਡਿਊਟੀ ਦੌਰਾਨ ਕੀਤੇ ਗਏ ਕਤਲ ਦਾ ਕੇਸ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਬ੍ਰਿਸਬੇਨ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤੀ ਗਈ ਕੋਰੋਨਰ ਇਨਕੁਇਸਟ ਦੀ ਰਿਪੋਰਟ ਵਿੱਚ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਦੀ ਪੜਚੋਲ ਕਰਕੇ ਸਰਕਾਰ ਇਸ ਰਿਪੋਰਟ ‘ਤੇ ਅਗਲੇਰੀ ਕਾਰਵਾਈ ਕਰੇਗੀ।
ਕੋਰੋਨਰ ਰਿਪੋਰਟ ਦੇ ਫ਼ੈਸਲੇ ‘ਤੇ ਮਨਮੀਤ ਦੇ ਪਰਿਵਾਰ ਵੱਲੋਂ ਅਸਹਿਮਤੀ ਪ੍ਰਗਟ ਕਰਦਿਆਂ ਮਾਣਯੋਗ ਅਦਾਲਤ ਦੇ ਬਾਹਰ ਮੀਡੀਆ ਨੂੰ ਸਾਂਝੇ ਤੌਰ ‘ਤੇ ਕਿਹਾ ਕਿ ਅਸੀ ਇਨਸਾਫ ਲਈ ਸੱਤ ਸਾਲ ਪਹਿਲਾਂ ਜਿਸ ਮੁਕਾਮ ਤੇ ਖੜ੍ਹੇ ਸੀ ਅੱਜ ਵੀ ਉੱਥੇ ਹੀ ਖੜ੍ਹੇ ਹਾਂ। ਉਨਾਂ ਸਵਾਲ ਕਰਦਿਆਂ ਕਿਹਾ ਕਿ ਦੋਸ਼ੀ ਦੇ ਇਲਾਜ ਦੌਰਾਨ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਤਾਲਮੇਲ ਦੀ ਭਾਰੀ ਕਮੀ ਵੇਖਣ ਨੂੰ ਮਿਲੀ ਹੈ।
“ਦੋਸ਼ੀ ਐਂਥਨੀ ਉਡਨਹੀਓ ਵਲੋਂ ਮਨਮੀਤ ਸ਼ਰਮਾ ਨੂੰ ਕਤਲ ਕਰਨ ਤੋਂ ਪਹਿਲਾਂ ਦੇ ਸਾਲਾਂ ਦੇ ਮਾਨਸਿਕ ਬਿਮਾਰੀ ਸਬੰਧੀ ਕੀਤੇ ਗਏ ਇਲਾਜ਼ ਦੌਰਾਨ ਪਤਾ ਲਗਾਇਆ ਜਾਣਾ ਚਾਹੀਦਾ ਸੀ ਕਿ ਦੋਸ਼ੀ ਕਿਸ ਹੱਦ ਤੱਕ ਮਾਨਸਿਕ ਬਿਮਾਰੀ ਤੋਂ ਪੀੜਤ ਸੀ। ਇਲਾਜ ਦੌਰਾਨ ਕਿੱਥੇ ਕਮੀ ਰਹੀ ਤੇ ਸਿਹਤ ਵਿਭਾਗ ਵੱਲੋਂ ਉਸ ਨੂੰ ਸਮਾਜ ਵਿੱਚ ਵਿਚਰਨ ਦੀ ਆਗਿਆ ਦੇਣ ਵਾਲੇ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਸੀ, ਤਾਂ ਜੋ ਭਵਿੱਖ ਅਜਿਹੀ ਘਟਨਾ ਨਾ ਵਾਪਰੇ।”
ਜ਼ਿਕਰਯੋਗ ਹੈ ਕਿ ਐਂਥਨੀ ਸਾਲ 2010 ਤੋਂ ਹੀ ਹਸਪਤਾਲ ਅਤੇ ਕਮਿਊਨਿਟੀ ਮਾਨਸਿਕ ਸਿਹਤ ਸੇਵਾਵਾਂ ਨਾਲ ਸੰਪਰਕ ‘ਚ ਸੀ। ਮਨਮੀਤ ਦੇ ਕਤਲ ਵਾਲੇ ਦਿਨ ਦੋਸ਼ੀ ਵੱਲੋਂ ਡਿਉਟੀ ਦੌਰਾਨ ਡਰਾਈਵਰ ਸੀਟ ‘ਤੇ ਬੈਠੇ ਮਰਹੂਮ ‘ਤੇ ਡੀਜ਼ਲ ਅਤੇ ਪੈਟਰੋਲ ਸੁੱਟ ਅੱਗ ਲਗਾ ਕੇ ਸਾੜਿਆ ਗਿਆ ਸੀ, ਜਿਸ ਨਾਲ ਉਸਦੀ ਮੌਕੇ ‘ਤੇ ਮੌਤ ਹੋ ਗਈ ਸੀ। ਦੋਸ਼ੀ ਐਂਥਨੀ ਨੂੰ ਮਾਣਯੋਗ ਅਦਾਲਤ ਨੇ ਮਾਨਸਿਕ ਬਿਮਾਰੀ ਤੋਂ ਪੀੜਤ ਦੱਸਿਆ ਸੀ, ਪਰ ਅਪਰਾਧਿਕ ਕੇਸ ਵਿੱਚ ਦੋਸ਼ੀ ਨਹੀਂ ਠਹਿਰਾਇਆ ਸੀ। ਅਪਰਾਧਿਕ ਦੋਸ਼ ਮੁਕਤੀ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਘੱਟੋ-ਘੱਟ ਇੱਕ ਦਹਾਕੇ ਲਈ ਮਾਨਸਿਕ ਸਿਹਤ ਸਹੂਲਤ ਦੀ ਨਿਗਰਾਨੀ ‘ਚ ਰੱਖਣ ਦਾ ਆਦੇਸ਼ ਦਿੱਤਾ ਸੀ।