Welcome to Perth Samachar

ਸੈਂਡਵਿਚ ਨੇ 9 ਸਾਲਾ ਬੱਚੀ ਦੀ ਯਾਦਾਸ਼ਤ ਕੀਤੀ ਕਮਜ਼ੋਰ, ਨਹੀਂ ਰਹੇ ਮਾਂ-ਬਾਪ ਚੇਤੇ, ਡਾਕਟਰਾਂ ਵਲੋਂ ਹੈਰਾਨੀਜਨਕ ਖ਼ੁਲਾਸਾ

ਫਾਸਟ ਫੂਡ ਲੋਕਾਂ ਦੀ ਮਨਪਸੰਦ ਹੈ। ਪਰ ਕਈ ਵਾਰ ਇਸਦਾ ਜ਼ਿਆਦਾ ਸੇਵਨ ਵੀ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ, ਜਿਸ ਕਰਕੇ ਭਵਿੱਖ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ ਇਕ ਮਾਮਲਾ ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਸੈਂਡਵਿਚ ਨੇ ਛੋਟੀ ਬੱਚੀ ਦੀ ਯਾਦਾਸ਼ਤ ਖੋਹ ਲਈ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਕੁੜੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ ਸਿਰਫ 9 ਸਾਲ ਹੈ। ਬੱਚੀ ਨੇ ਜ਼ਿਆਦਾਤਰ ਬੱਚਿਆਂ ਵਾਂਗ ਨਾਸ਼ਤੇ ਵਿੱਚ ਸੈਂਡਵਿਚ ਖਾਧਾ। ਇਸ ਮਗਰੋਂ ਜੋ ਹੋਇਆ, ਉਸ ਦੀ ਉਮੀਦ ਬੱਚੀ ਦੇ ਮਾਪਿਆਂ ਨੇ ਵੀ ਸ਼ਾਇਦ ਹੀ ਕੀਤੀ ਹੋਵੇਗੀ ਕਿਉਂਕਿ ਕੁੜੀ ਉਨ੍ਹਾਂ ਨੂੰ ਪਛਾਣ ਨਹੀਂ ਪਾ ਰਹੀ ਸੀ।

ਕੁੜੀ ਨੇ ਆਪਣੇ ਜੱਦੀ ਸ਼ਹਿਰ ਨਿਊਕੈਸਲ ਵਿੱਚ ਇੱਕ ਬੇਕਨ ਅਤੇ ਐਡ ਰੋਲ ਖਾਧਾ ਸੀ। ਉਹ ਇਹ ਸੈਂਡਵਿਚ ਸਥਾਨਕ ਵਿਕਰੇਤਾ ਤੋਂ ਲੈ ਕੇ ਆਈ ਸੀ ਅਤੇ ਖਾ ਰਹੀ ਸੀ। ਇਸ ਦੌਰਾਨ ਬੱਚੀ ਦੇ ਗਲੇ ‘ਚ ਕੋਈ ਚੀਜ਼ ਫਸ ਗਈ ਅਤੇ ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ। ਮਾਂ ਕ੍ਰਿਸਟਨ ਸਾਂਡਰਸ ਨੂੰ ਲੱਗਾ ਕਿਉਂਕਿ ਉਹ ਜਲਦੀ-ਜਲਦੀ ਖਾ ਰਹੀ ਸੀ, ਇਸ ਲਈ ਸ਼ਾਇਦ ਖਾਣਾ ਅਟਕ ਰਿਹਾ ਹੋਵੇਗਾ। ਉਸ ਨੇ ਬੱਚੀ ਨੂੰ ਪਾਣੀ ਪੀਣ ਲਈ ਕਿਹਾ।

ਬੱਚੀ ਨੇ ਸੁੱਜੇ ਹੋਏ ਗਲੇ ਨਾਲ ਸੈਂਡਵਿਚ ਤਾਂ ਖਾ ਲਿਆ ਪਰ ਉਸ ਦੀ ਸਿਹਤ ਅਚਾਨਕ ਵਿਗੜਨ ਲੱਗੀ। ਉਹ ਗੱਲਾਂ ਦਾ ਜਵਾਬ ਨਹੀਂ ਦੇ ਪਾ ਰਹੀ ਸੀ ਅਤੇ ਹੌਲੀ-ਹੌਲੀ ਉਸ ਨੂੰ ਆਪਣੇ ਪਰਿਵਾਰ ਨੂੰ ਵੀ ਪਛਾਣਨ ਵਿੱਚ ਮੁਸ਼ਕਲ ਹੋਣ ਲੱਗੀ ਸੀ। ਅਜਿਹੇ ‘ਚ ਮਾਪੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ।

ਜਦੋਂ ਡਾਕਟਰਾਂ ਨੇ ਸੀਟੀ ਸਕੈਨ ਕੀਤਾ ਤਾਂ ਪਤਾ ਲੱਗਾ ਕਿ ਬੱਚੀ ਦੇ ਗਲੇ ਦੇ ਕੋਲ ਇੱਕ ਪਤਲੀ ਤਾਰ ਫਸੀ ਹੋਈ ਸੀ। ਇਹ ਅਸਲ ਵਿੱਚ BBQ ਵਿੱਚ ਵਰਤੇ ਗਏ ਇੱਕ ਬੁਰਸ਼ ਦੇ ਬ੍ਰਿਸਟਲ ਸਨ, ਜੋ ਸ਼ਾਇਦ ਉਸਦੇ ਸੈਂਡਵਿਚ ਵਿੱਚ ਚਲੇ ਗਏ ਸਨ। ਕਿਉਂਕਿ ਇਹ ਤਾਰ ਕੈਰੋਟਿਡ ਆਰਟਰੀ ਵਿੱਚ ਫਸ ਗਈ ਸੀ, ਇਸ ਲਈ ਨਾ ਸਿਰਫ ਦਿਮਾਗ ਨੂੰ ਖੂਨ ਦੀ ਸਪਲਾਈ ਵਿੱਚ ਸਮੱਸਿਆ ਆਈ ਬਲਕਿ ਇਨਫੈਕਸ਼ਨ ਵੀ ਹੋ ਗਈ।

ਜਾਣਕਾਰੀ ਮੁਤਾਬਿਕ ਡਾਕਟਰਾਂ ਨੇ ਆਪਰੇਸ਼ਨ ਕਰਕੇ ਤਾਰ ਕੱਢ ਦਿੱਤੀ ਅਤੇ ਲੋੜੀਂਦੀ ਕਾਰਵਾਈ ਤੋਂ ਬਾਅਦ ਕਰੀਬ ਇੱਕ ਮਹੀਨਾ ਬੱਚੀ ਨੂੰ ਹਸਪਤਾਲ ਵਿੱਚ ਰੱਖਿਆ। ਹੁਣ ਬੱਚੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ ਅਤੇ ਉਹ ਸਕੂਲ ਵੀ ਜਾਣ ਲੱਗ ਪਈ ਹੈ।

Share this news