Welcome to Perth Samachar
ਅਮਰੀਕਾ: ਹਵਾਈ ਦੇ ਮਾਉਈ ਕਾਉਂਟੀ ਦੇ ਲਾਹੈਨਾ ਵਿੱਚ ਸਥਿਤ ਜੰਗਲਾਂ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਾਉਈ ਕਾਉਂਟੀ ਵਲੋਂ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤੇ ਗਏ ਬਿਆਨ ਮੁਤਾਬਕ ਦੱਖਣ ਤੋਂ ਲੰਘ ਰਹੇ ਤੂਫ਼ਾਨ ਡੋਰਾ ਕਾਰਨ ਜੰਗਲਾਂ ‘ਚ ਲੱਗੀ ਅੱਗ ਭੜਕ ਗਈ, ਜਿਸ ਨਾਲ ਕਈ ਕਾਰਾਂ ਸੜ ਗਈਆਂ ਅਤੇ ਕਈ ਇਤਿਹਾਸਕ ਇਮਾਰਤਾਂ ਮਲਬੇ ਦੇ ਢੇਰ ‘ਚ ਤਬਦੀਲ ਹੋ ਗਈਆਂ।
ਬਿਆਨ ਵਿਚ ਦੱਸਿਆ ਗਿਆ ਹੈ ਕਿ ਅੱਗ ਦੀਆਂ ਲਪਟਾਂ ਰਾਤ ਭਰ ਉੱਠਦੀਆਂ ਰਹੀਆਂ, ਜਿਸ ਤੋਂ ਜਾਨ ਬਚਾਉਣ ਲਈ ਬੱਚਿਆਂ ਅਤੇ ਬਾਲਗਾਂ ਨੂੰ ਸਮੁੰਦਰ ਵਿਚ ਜਾਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਅੱਗ ਕਾਰਨ 271 ਢਾਂਚੇ ਨੁਕਸਾਨੇ ਗਏ ਜਾਂ ਨਸ਼ਟ ਹੋ ਗਏ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਵਾਈ ਦੇ ਮਾਉਈ ਟਾਪੂ ‘ਤੇ ਜੰਗਲਾਂ ਵਿਚ ਲੱਗੀ ਅੱਗ ਨਾਲ ਨਜਿੱਠਣ ਲਈ “ਸਾਰੇ ਉਪਲਬਧ ਸੰਘੀ ਸਰੋਤਾਂ” ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਤੱਟ ਰੱਖਿਅਕ ਅਤੇ ਜਲ ਸੈਨਾ ਵੀ ਬਚਾਅ ਕਾਰਜ ‘ਚ ਮਦਦ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਗ ਨਾਲ ਨਜਿੱਠਣ ਲਈ ਜਲ ਸੈਨਾ ਵੱਲੋਂ ਬਲੈਕ ਹਾਕ ਹੈਲੀਕਾਪਟਰ ਮੁਹੱਈਆ ਕਰਵਾਏ ਗਏ ਹਨ, ਜਦਕਿ ਹਵਾਈ ਨੈਸ਼ਨਲ ਗਾਰਡ ਨੇ ਅੱਗ ਬੁਝਾਉਣ ਅਤੇ ਖੋਜ ਅਤੇ ਬਚਾਅ ਕਾਰਜਾਂ ਲਈ ਚਿਨੂਕ ਹੈਲੀਕਾਪਟਰ ਤਾਇਨਾਤ ਕੀਤੇ ਹੋਏ ਹਨ।