Welcome to Perth Samachar

ਆਸਟ੍ਰੇਲੀਆ ਕ੍ਰਿਕਟ ਟੀਮ ਦੀ ਵਰਲਡ ਕੱਪ ‘ਚ ਸ਼ਾਨਦਾਰ ਵਾਪਸੀ, ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ

ਆਸਟ੍ਰੇਲੀਆ ਨੇ ਵਿਸ਼ਵ ਕੱਪ ‘ਚ ਜ਼ਬਰਦਸਤ ਵਾਪਸੀ ਕੀਤੀ ਹੈ। ਦੂਜੇ ਪਾਸੇ ਪਾਕਿਸਤਾਨ ਨੂੰ ਵਿਸ਼ਵ ਕੱਪ 2023 ਵਿਚ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਹੱਥੋਂ 7 ਵਿਕਟਾਂ ਨਾਲ ਹਾਰਨ ਮਗਰੋਂ ਪਾਕਿਸਤਾਨ ਨੂੰ ਆਸਟ੍ਰੇਲੀਆ ਦੀ ਟੀਮ ਨੇ 62 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਮਿਚੇਲ ਮਾਰਸ਼ ਨੇ 259 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਸ ਮੈਚ ‘ਚ ਆਸਟ੍ਰੇਲੀਆ ਨੇ 367 ਦੌੜਾਂ ਬਣਾਈਆਂ ਸਨ। 367 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 305 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਪਾਕਿਸਤਾਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਪਰ ਜੰਪਾ ਦੇ ਸਾਹਮਣੇ ਕੋਈ ਟਿਕ ਨਹੀਂ ਸਕਿਆ। ਜੰਪਾ ਨੇ 53 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਵਾਰਨਰ ਅਤੇ ਮਾਰਸ਼ ਆਸਟ੍ਰੇਲੀਆ ਦੀ ਜਿੱਤ ਦੇ ਹੀਰੋ ਰਹੇ। ਵਾਰਨਰ ਨੇ 163 ਦੌੜਾਂ ਅਤੇ ਮਾਰਸ਼ ਨੇ 123 ਦੌੜਾਂ ਦੀ ਪਾਰੀ ਖੇਡੀ।

ਦੂਜੇ ਪਾਸੇ ਪਾਕਿਸਤਾਨ ਦੀ ਟੀਮ ਨੇ ਵੀ ਚੰਗੀ ਸ਼ੁਰੂਆਤ ਕੀਤੀ। ਅਬਦੁੱਲਾ ਸ਼ਫੀਕ ਅਤੇ ਇਮਾਮ-ਉਲ-ਹੱਕ ਵਿਚਾਲੇ ਪਹਿਲੀ ਵਿਕਟ ਲਈ 134 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ। ਸ਼ਫੀਕ ਨੇ 64 ਦੌੜਾਂ ਅਤੇ ਇਮਾਮ ਨੇ 70 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਮੁਹੰਮਦ ਰਿਜ਼ਵਾਨ ਨੇ 46 ਦੌੜਾਂ, ਸੌਦ ਸ਼ਕੀਲ ਨੇ 30 ਦੌੜਾਂ ਅਤੇ ਇਫ਼ਤਿਖਾਰ ਅਹਿਮਦ ਨੇ 26 ਦੌੜਾਂ ਦੀ ਪਾਰੀ ਖੇਡੀ।

ਐਡਮ ਜ਼ੈਂਪਾ ਨੇ 10 ਓਵਰਾਂ ਵਿੱਚ 53 ਦੌੜਾਂ ਦੇ ਕੇ 4 ਬਹੁਤ ਮਹੱਤਵਪੂਰਨ ਵਿਕਟਾਂ ਲਈਆਂ। ਜ਼ੈਂਪਾ ਨੇ ਬਾਬਰ ਆਜ਼ਮ, ਇਫਤਿਖਾਰ ਅਹਿਮਦ, ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਨਵਾਜ਼ ਦੀਆਂ ਵਿਕਟਾਂ ਲੈ ਕੇ ਪਾਕਿਸਤਾਨ ਦਾ ਰੁਖ਼ ਹਾਰ ਵੱਲ ਮੋੜ ਦਿੱਤਾ।

Share this news