Welcome to Perth Samachar

ਵਿਦਿਆਰਥੀਆਂ ਤੇ ਯਾਤਰੀਆਂ ਲਈ ਵੀਜ਼ਾ ਫੀਸ ’ਚ ਵਾਧਾ ਇਸ ਹਫ਼ਤੇ ਤੋਂ ਹੋਵੇਗਾ ਲਾਗੂ

ਬ੍ਰਿਟੇਨ ਸਰਕਾਰ ਨੇ ਵੀਜ਼ਾ ਫੀਸ ਵਿਚ ਪ੍ਰਸਤਾਵਿਤ ਵਾਧੇ ਦਾ ਐਲਾਨ ਕੀਤਾ ਸੀ, ਜੋ ਬੁੱਧਵਾਰ ਤੋਂ ਲਾਗੂ ਹੋ ਜਾਵੇਗਾ। ਭਾਰਤੀਆਂ ਸਮੇਤ ਦੁਨੀਆ ਭਰ ਦੇ ਯਾਤਰੀਆਂ ਲਈ 6 ਮਹੀਨਿਆਂ ਤੋਂ ਘੱਟ ਸਮੇਂ ਲਈ ਆਉਣ ’ਤੇ ਵੀਜ਼ੇ ਦੀ ਕੀਮਤ 15 ਗ੍ਰੇਟ ਬ੍ਰਿਟੇਨ ਪਾਊਂਡ ਜ਼ਿਆਦਾ ਹੋਵੇਗੀ ਜਦ ਕਿ ਵਿਦਿਆਰਥੀ ਵੀਜ਼ੇ ਦੀ ਕੀਮਤ 127 ਗ੍ਰੇਟ ਬ੍ਰਿਟੇਨ ਪਾਊਂਡ ਵੱਧ ਜਾਵੇਗੀ।

ਪਿਛਲੇ ਮਹੀਨੇ ਸੰਸਦ ਵਿਚ ਪ੍ਰਸਤਾਵਿਤ ਕਾਨੂੰਨ ਪੇਸ਼ ਕੀਤੇ ਜਾਣ ਤੋਂ ਬਾਅਦ ਯੂ.ਕੇ. ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਤਬਦੀਲੀਆਂ ਦਾ ਮਤਲਬ ਹੈ ਕਿ 6 ਮਹੀਨਿਆਂ ਤੋਂ ਘੱਟ ਸਮੇਂ ਲਈ ਵਿਜ਼ੀਟਰ ਵੀਜ਼ਾ ਦੀ ਕੀਮਤ 115 ਜੀ. ਬੀ. ਪੀ ਤੱਕ ਵਧ ਸਕਦੀ ਹੈ ਅਤੇ ਯੂ. ਕੇ. ਤੋਂ ਬਾਹਰ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਦੀ ਫੀਸ 490 ਜੀ. ਬੀ. ਪੀ. ਹੋ ਜਾਵੇਗੀ, ਜੋ ਕਿ ਦੇਸ਼ ਵਿਚ ਅਰਜ਼ੀ ਲਈ ਚਾਰਜ ਕੀਤੀ ਗਈ ਰਕਮ ਦੇ ਬਰਾਬਰ ਹੋਵੇਗੀ।

ਅਜਿਹਾ ਉਦੋਂ ਹੋਇਆ ਹੈ ਜਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਜੁਲਾਈ ’ਚ ਐਲਾਨ ਕੀਤਾ ਗਿਆ ਸੀ ਕਿ ਵੀਜ਼ਾ ਬਿਨੈਕਾਰਾਂ ਲਈ ਬ੍ਰਿਟੇਨ ਦੀ ਸਰਕਾਰ ਵੱਲੋਂ ਫੰਡ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ. ਐੱਸ.) ਨੂੰ ਅਦਾ ਕੀਤੀ ਜਾਣ ਵਾਲੀ ਫੀਸ ਅਤੇ ਸਿਹਤ ਸਰਚਾਰਜ ’ਚ ਦੇਸ਼ ਦੇ ਜਨਤਕ ਖੇਤਰ ਦੀ ਤਨਖਾਹ ਵਾਧੇ ਨੂੰ ਪੂਰਾ ਕਰਨ ਲਈ ‘ਮਹੱਤਵਪੂਰਣ’ ਵਾਧਾ ਹੋਣ ਜਾ ਰਿਹਾ ਹੈ।

ਉਨ੍ਹਾਂ ਕਿਹਾ ਸੀ, ‘ਅਸੀਂ ਇਸ ਦੇਸ਼ ’ਚ ਆਉਣ ਵਾਲੇ ਪ੍ਰਵਾਸੀਆਂ ਲਈ ਵੀਜ਼ਾ ਅਪਲਾਈ ਕਰਨ ਲਈ ਵਸੂਲੀ ਜਾਣ ਵਾਲੀ ਫੀਸ ਨੂੰ ਵਧਾਉਣ ਜਾ ਰਹੇ ਹਾਂ।’ ਉਨ੍ਹਾਂ ਕਿਹਾ ਸੀ, ‘ਉਹ ਸਾਰੀਆਂ ਫੀਸਾਂ ਵਧਣ ਜਾ ਰਹੀਆਂ ਹਨ ਅਤੇ ਇਸ ਨਾਲ ਜੀ.ਬੀ.ਪੀ. ’ਚ ਇਕ ਅਰਬ ਤੋਂ ਵੱਧ ਦਾ ਵਾਧਾ ਹੋਵੇਗਾ, ਇਸ ਲਈ ਹਰ ਤਰ੍ਹਾਂ ਦੀ ਵੀਜ਼ਾ ਅਰਜ਼ੀ ਫੀਸਾਂ ਵਿਚ ਭਾਰੀ ਵਾਧਾ ਹੋਣ ਵਾਲਾ ਹੈ ਅਤੇ ਇਸ ਤਰ੍ਹਾਂ ਹੀ ਆਈ.ਐੱਚ.ਐੱਸ. ਲਈ ਵੀ।’

ਗ੍ਰਹਿ ਦਫਤਰ ਨੇ ਜ਼ਿਆਦਾਤਰ ਕੰਮ ਤੇ ਯਾਤਰਾ ਵੀਜ਼ਿਆਂ ਦੀ ਲਾਗਤ ਵਿਚ 15 ਫੀਸਦੀ ਦਾ ਵਾਧਾ ਅਤੇ ਤਰਜੀਹੀ ਵੀਜ਼ਾ, ਅਧਿਐਨ ਵੀਜ਼ਾ ਅਤੇ ਸਪਾਂਸਰਸ਼ਿਪ ਦੇ ਸਰਟੀਫਿਕੇਟਾਂ ਦੀ ਲਾਗਤ ਵਿਚ ਘੱਟੋ-ਘੱਟ 20 ਫੀਸਦੀ ਵਾਧੇ ਦਾ ਸੰਕੇਤ ਦਿੱਤਾ ਹੈ।

Share this news