Welcome to Perth Samachar

IPL 2024 : ਪੰਜਾਬ ਦਾ ਇਕ ਹੋਰ ਸੁਪਰ ਥ੍ਰਿਲਰ ਮੁਕਾਬਲਾ, ਪਰ ਅੰਤ ਰਾਜਸਥਾਨ ਹੱਥੋਂ ਮਿਲੀ 3 ਵਿਕਟਾਂ ਦੀ ਹਾਰ

ਪੰਜਾਬ ਦੇ ਮੁੱਲਾਂਪੁਰ ਸਟੇਡੀਅਮ ‘ਚ ਖੇਡੇ ਗਏ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੇ ਆਈ.ਪੀ.ਐੱਲ. ਮੁਕਾਬਲੇ ‘ਚ ਰਾਜਸਥਾਨ ਨੇ ਪੰਜਾਬ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕਣ ਤੋਂ ਬਾਅਦ ਰੋਮਾਂਚਕ ਅੰਦਾਜ਼ ‘ਚ ਹਰਾ ਕੇ 7 ਵਿਕਟਾਂ ਨਾਲ ਜਿੱਤ ਦਰਜ ਕਰ ਲਈ ਹੈ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪੰਜਾਬ ਨੇ ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਦੇ ਬਾਵਜੂਦ ਜਿਤੇਸ਼ ਸ਼ਰਮਾ (29), ਲਿਆਮ ਲਿਵਿੰਗਸਟੋਨ (21) ਤੇ ਆਸ਼ੁਤੋਸ਼ ਸ਼ਰਮਾ (31) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 147 ਦੌੜਾਂ ਬਣਾਉਣ ‘ਚ ਸਫ਼ਲਤਾ ਹਾਸਲ ਕੀਤੀ।

ਇਸ ਠੀਕ-ਠਾਕ ਸਕੋਰ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੂੰ ਯਸ਼ਸਵੀ ਜਾਇਸਵਾਲ ਤੇ ਤਨੁਸ਼ ਕੋਟਿਆਨ ਨੇ ਚੰਗੀ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 8.2 ਓਵਰਾਂ ‘ਚ 56 ਦੌੜਾਂ ਜੋੜੀਆਂ।

ਜਾਇਸਵਾਲ ਨੂੰ 39 ਦੌੜਾਂ ਦੇ ਸਕੋਰ ‘ਤੇ ਕਗਿਸੋ ਰਬਾਡਾ ਨੇ ਹਰਸ਼ਲ ਪਟੇਲ ਹੱਥੋਂ ਕੈਚ ਆਊਟ ਕਰਵਾਇਆ, ਜਦਕਿ ਕੋਟਿਆਨ ਨੂੰ ਲਿਵਿੰਗਸਟੋਨ ਨੇ 24 ਦੌੜਾਂ ਦੇ ਨਿਜੀ ਸਕੋਰ ‘ਤੇ ਕਲੀਨ ਬੋਲਡ ਕੀਤਾ। ਕਪਤਾਨ ਸੰਜੂ ਸੈਮਸਨ ਵੀ 14 ਗੇਂਦਾਂ ‘ਚ 1 ਛੱਕੇ ਤੇ 1 ਚੌਕੇ ਦੀ ਮਦਦ ਨਾਲ 18 ਦੌੜਾਂ ਬਣਾ ਕੇ ਰਬਾਡਾ ਦੀ ਗੇਂਦ ‘ਤੇ ਐੱਲਬੀਡਬਲਯੂ ਆਊਟ ਹੋ ਕੇ ਪੈਵੇਲੀਅਨ ਪਰਤ ਗਏ।

 ਇਸ ਸੀਜ਼ਨ ਸ਼ਾਨਦਾਰ ਫਾਰਮ ‘ਚ ਚੱਲ ਰਹੇ ਰਿਆਨ ਪਰਾਗ ਨੇ ਵੀ ਟੀਮ ਲਈ ਚੰਗੀ ਪਾਰੀ ਖੇਡੀ, ਪਰ ਉਹ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 18 ਗੇਂਦਾਂ ‘ਚ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਧਰੁਵ ਜੁਰੇਲ ਵੀ 11 ਗੇਂਦਾਂ ‘ਚ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋ ਗਿਆ।

ਜੁਰੇਲ ਤੋਂ ਬਾਅਦ ਆਏ ਸ਼ਿਮਰੋਨ ਹੈਟਮਾਇਰ ਨੇ ਆਉਂਦਿਆ ਹੀ ਤਾਬੜਤੋੜ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਰੋਵਮੈਨ ਪਾਵੇਲ ਨੇ ਵੀ ਚੰਗੀਆਂ ਸ਼ਾਟਾਂ ਖੇਡੀਆਂ। ਪਾਵੇਲ ਛੇਤੀ ਮੈਚ ਖ਼ਤਮ ਕਰਨ ਦੇ ਚੱਕਰ ‘ਚ 5 ਗੇਂਦਾਂ ‘ਚ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਪਰ ਹੈੱਟਮਾਇਰ ਨੇ ਇਕ ਪਾਸਾ ਸੰਭਾਲਦਿਆਂ ਸ਼ਾਟ ਖੇਡਣੀਆਂ ਜਾਰੀ ਰੱਖੀਆਂ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ। ਇਸ ਜਿੱਤ ਨਾਲ ਰਾਜਸਥਾਨ ਦੀ ਟੀਮ 6 ‘ਚੋਂ 5 ਮੈਚ ਜਿੱਤ ਕੇ 10 ਅੰਕਾਂ ਨਾਲ ਪੁਆਇੰਟ ਟੇਬਲ ‘ਚ ਟਾਪ ‘ਤੇ ਬਣੀ ਹੋਈ ਹੈ, ਉੱਥੇ ਹੀ ਪੰਜਾਬ ਨੂੰ 6 ਮੈਚਾਂ ‘ਚ 4 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਇਸ ਤਰ੍ਹਾਂ 2 ਮੈਚ ਜਿੱਤ ਕੇ 4 ਅੰਕਾਂ ਨਾਲ ਟੀਮ 8ਵੇਂ ਸਥਾਨ ‘ਤੇ ਖਿਸਕ ਗਈ ਹੈ।

Share this news